ਸਾਡੇ ਸਕੂਲ ਵਿੱਚ ਸਾਡੇ ਨਾਲ ਇੱਕ ਪ੍ਰਜਾਪਤਾਂ ਦਾ ਮੁੰਡਾ ਪੜ੍ਹਦਾ ਸੀ। ਉਸਦਾ ਨਾਂ ਤਾਂ ਘਰਦਿਆਂ ਨੇ, ਗੁਰਦੁਆਰੇ ਵਾਲ਼ੇ ਭਾਈ ਜੀ ਨੂੰ ਪੁੱਛ ਕੇ, ਅਮਰੀਕ ਸਿੰਘ ਰੱਖਿਆ ਸੀ ਪਰ ਸਾਡੇ ਸਮਾਜ ਵਿੱਚ, ਕਿਸੇ ਦਾ ਪੂਰਾ ਨਾਂ ਬੋਲਣਾ ਬੜੀ ਤੰਗੀ ਜਿਹੀ ਦਾ ਬਾਇਸ ਬਣਦਾ ਹੈ, ਸੋ ਉਸਦਾ ਨਾਮ ਲੋਕਾਂ ਨੇ ਅੱਗਿਉਂ ਪਿਛਿਉਂ ਛਾਂਗ ਕੇ, ਮੀਚੂ ਕਰ ਦਿੱਤਾ ਸੀ।
ਉਸਦੇ ਘਰਦੇ ਉਸਨੂੰ ਰੋਜ ਤੜ੍ਹਕਸਾਰ, ਚਾਰ ਖੋਤਿਆ ਦਾ ਮਾਲਕ ਬਣਾ ਕੇ ਬਾਹਰ, ਫਿਰਨ ਤੋਰਨ ਲਈ, ਹੱਕ ਦਿੰਦੇ। ਉਹ ਖੋਤਿਆਂ ਦੀ ਤਫ਼ਰੀਹ ਦਾ ਸ਼ੌਕ ਪੂਰਾ ਕਰਵਾ ਕੇ ਘਰ ਮੋੜ ਲਿਆਉਂਦਾ ਤੇ ਫਿਰ ਸਕੂਲ ਰਵਾਨਾ ਹੋ ਜਾਂਦਾ।
ਇੱਕ ਦਿਨ ਉਹ ਖੋਤਿਆਂ ਨੂੰ ਸੈਰ ਕਰਵਾਉਂਦਾ ਸਕੂਲ ਦੇ ਨਜ਼ਦੀਕ, ਖੋਲ਼ਿਆ ਕੋਲ ਆ ਗਿਆ।
ਉਸਤੇ ਸਕੂਲ ਵਿੱਚ ਟਹਿਲ ਰਹੇ, ਮਾਸਟਰ ਚਰਨ ਸਿੰਘ ਦੀ ਨਜ਼ਰ ਪੈ ਗਈ। ਸਕੂਲ ਅਜੇ ਲੱਗਾ ਨਹੀਂ ਸੀ। ਉਸਨੂੰ ਮਾਸਟਰ ਜੀ ਨੇ ਅਵਾਜ ਮਾਰੀ,
"ਉਏ,, ਮੀਚੂ ਏਥੇ ਕੀ ਕਰਦਾਂ, ਸਕੂਲ ਨਹੀਂ ਆਉਣਾ?"
"ਆਉਣਾ ਵਾਂ ਮਾਹਟਰ ਜੀ, ਮੈਂ ਆਹ ਖੋਤੇ ਘਰ ਛੱਡ ਆਵਾਂ।" ਉਸਨੇ ਮਾਸਟਰ ਜੀ ਨੂੰ ਜਵਾਬ ਦਿੱਤਾ।
ਮਾਸਟਰ ਜੀ ਨੇ ਹੱਸਦਿਆਂ ਆਖਿਆ,
"ਉਏ,, ਇਹਨਾਂ ਘਰ ਕੀ ਕਰਨਾਂ, ਇਹਨਾਂ ਨੂੰ ਵੀ ਸਕੂਲ ਨਾਲ ਹੀ ਲੈ ਆ, ਜਿੱਥੇ ਇਹਨਾਂ ਵਰਗੇ ਚਾਲ਼ੀ ਹੋਰ ਆਉਂਦੇ ਆ, ਚਾਰ ਹੋਰ ਸਹੀ।"
No comments:
Post a Comment